ਪੰਜਾਬੀ ਲੇਖਕ ਕਰਨੈਲ ਕੈਲ ਮਨੁੱਖੀ ਤਸਕਰੀ
'ਚ ਗ੍ਰਿਫ਼ਤਾਰ ਸਿਆਟਲ,
ਦਰਜਨਾਂ ਬੰਦੇ ਅਮਰੀਕਾ ਲੰਘਾਉਣ ਦਾ ਦੋਸ਼

9 ਦਸੰਬਰ (ਜਸਵਿੰਦਰ ਸਿੰਘ ਸੇਖੋਂ) - ਪੰਜਾਬੀ ਲੇਖਕ ਅਤੇ ਇਥੋਂ ਛਪਦੇ ਸਥਾਨਕ ਪੰਜਾਬੀ ਅਖ਼ਬਾਰ 'ਆਵਾਜ਼' ਦੇ ਸੰਪਾਦਕ ਅਤੇ ਪਿੰਡ ਰਾਮੂਵਾਲ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ ਕਰਨੈਲ ਸਿੰਘ ਕੈਲ ਨੂੰ ਐਫ. ਬੀ. ਆਈ. ਅਤੇ ਬਾਰਡਰ ਪੈਟਰੋਲ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਤੋਂ ਵਾਪਸ ਪਰਤਦੇ ਹੀ ਸਿਆਟਲ ਦੇ ਸੀਟੈਕ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਗ੍ਰਿਫ਼ਤਾਰ ਕਰ ਲਿਆ ਹੈ। ਸਰਕਾਰੀ ਵਕੀਲ ਮੁਤਾਬਿਕ ਗ੍ਰਿਫਤਾਰੀ ਦੌਰਾਨ ਵੀ ਉਸ ਪਾਸੋਂ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ। ਗ੍ਰਿਫਤਾਰੀ ਉਪਰੰਤ ਕੈਲ ਨੂੰ ਸਿਆਟਲ ਦੀ ਯੂ. ਐਸ. ਡਿਸਟਰਿਕਟ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਜੱਜ ਮੈਰੀ ਅਲਾਈਸ ਥੈਲਰ ਨੇ ਗੰਭੀਰ ਧਾਰਾਵਾਂ ਕਰਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂਕਿ ਕਰਨੈਲ ਕੈਲ ਉੱਪਰ ਦਰਜਨਾਂ ਹੀ ਬੰਦਿਆਂ ਦੀ ਤਸਕਰੀ ਦੇ ਦੋਸ਼ ਦਾਇਰ ਕੀਤੇ ਗਏ ਹਨ। ਕੈਲ ਦੀ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਕਰਨੈਲ ਸਿੰਘ ਕੈਲ ਪਿਛਲੇ ਕੁਝ ਅਰਸੇ ਤੋਂ ਇਹ ਮਨੁੱਖੀ ਤਸਕਰੀ ਦਾ ਧੰਦਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕਰ ਰਿਹਾ ਸੀ ਅਤੇ ਤਸਕਰੀ ਕਰਕੇ ਲਿਆਂਦੇ ਬੰਦਿਆਂ ਨੂੰ ਆਪਣੇ ਮੋਟਲ ਅਤੇ ਗੁਰਦਵਾਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ (ਸਿਆਟਲ) ਵਿਖੇ ਠਹਿਰਾਉਂਦਾ ਸੀ। ਜਦ ਖੁਫੀਆ ਅਧਿਕਾਰੀਆਂ ਨੇ ਕਰਨੈਲ ਸਿੰਘ ਕੈਲ ਦੀ ਮਾਲਕੀਅਤ ਵਾਲੇ ਮੋਟਲ ਵਿਚ ਗਾਹਕ ਬਣ ਕੇ ਆਪਣੇ ਬੰਦੇ ਕੈਨੇਡਾ ਤੋਂ ਸਰਹੱਦ ਲੰਘਾਉਣ ਲਈ ਸੰਪਰਕ ਕੀਤਾ ਤਾਂ ਕਰਨੈਲ ਸਿੰਘ ਕੈਲ ਨੇ ਉਸ ਖੁਫੀਆ ਅਫਸਰ ਤੋਂ ਤਿੰਨ ਹਜ਼ਾਰ ਡਾਲਰ ਦੀ ਮੰਗ ਕੀਤੀ ਅਤੇ ਚੰਗੀ ਸਰਵਿਸ ਦਾ ਭਰੋਸਾ ਦਿਵਾਉਣ ਲਈ ਤਸਕਰੀ ਕਰਕੇ ਲਿਆਂਦੇ ਬੰਦਿਆਂ ਨਾਲ ਵੀ ਮਿਲਾਇਆ, ਜਿਸਦੀ ਫ਼ਿਲਮ ਖੁਫੀਆ ਅਧਿਕਾਰੀਆਂ ਪਾਸ ਮੌਜੂਦ ਹੈ। ਕਰਨੈਲ ਸਿੰਘ ਕੈਲ ਦੀ ਪੇਸ਼ੀ ਦੌਰਾਨ ਉਸ ਦੇ ਨਿੱਜੀ ਮਿੱਤਰਾਂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ (ਸਿਆਟਲ) ਦੀ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਮੁੱਖ ਮੈਂਬਰ ਵੀ ਸਾਰੇ ਕੇਸ ਦੀ ਸਚਾਈ ਜਾਣਨ ਲਈ ਅਦਾਲਤ ਵਿਚ ਪਹੁੰਚੇ ਹੋਏ ਸਨ। ਕਿਉਂਕਿ ਕਰਨੈਲ ਸਿੰਘ ਕੈਲ ਸਿਆਟਲ ਦੇ ਸਭ ਤੋਂ ਵੱਡੇ ਪ੍ਰਮੁੱਖ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ (ਸਿਆਟਲ) ਦੀ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਹਨ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ: ਗੁਰਦੇਵ ਸਿੰਘ ਮਾਨ ਮੁਤਾਬਿਕ ਕਮੇਟੀ ਵੱਲੋਂ ਸਾਰੀ ਸਚਾਈ ਜਾਣਨ ਤੋਂ ਬਾਅਦ ਇਕ ਉਚੇਚੀ ਕਮੇਟੀ ਦੀ ਮੀਟਿੰਗ ਬੁਲਾ ਕੇ ਕਰਨੈਲ ਸਿੰਘ ਕੈਲ ਨੂੰ ਕਮੇਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਭਾਵੇਂ ਕਰਨੈਲ ਸਿੰਘ ਕੈਲ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਅਜੇ ਇਸ ਕੇਸ ਦੀ ਹੋਰ ਤਹਿਕੀਕਾਤ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

1
 
 

 

 
 

© 2010-11 Ajit, Nehru Garden Road, Jalandhar (Pb.)  INDIA